ਗੁਰੂਦਆਰਾ ਗੁਰੂਸਰ ਪਾਤਸ਼ਾਹੀ ਛੇਵੀਂ- ਘੱਲ ਕਲਾਂ
ਸਾਡੇ ਗੁਰੂਆਂ ਦੇ ਜਿੱਥੇ-ਜਿੱਥੇ ਚਰਨ ਪਏ ਉਹ ਥਾਵਾਂ ਪੂਜਨਯੋਗ ਅਸਥਾਨ ਹੋ ਗਏ, ਉਥੇ ਸੰਗਤਾਂ ਦੀਆਂ ਰੌਣਕਾਂ ਲਗਣੀਆਂ ਸ਼ੁਰੂ ਹੋ ਗਈਆਂ, ਮਨੋਕਾਮਨਾਵਾਂ ਪੂਰੀਆਂ ਹੋਣ ਲੱਗੀਆਂ, ਆਲੀਸ਼ਾਨ ਗੁਰਦੁਆਰੇ ਬਣ ਗਏ। ਜਿੱਥੇ ਸੰਗਤਾਂ ਸਵੇਰੇ ਸ਼ਾਮ ਹਾਜ਼ਰੀ ਲਗਵਾਉਣ ਲੱਗੀਆਂ, ਗੁਰਬਾਣੀ, ਕਥਾ ਅਤੇ ਕੀਰਤਨ ਦਾ ਆਨੰਦ ਮਾਨਣ ਲੱਗੀਆਂ। ਇਸੇ ਤਰ੍ਹਾ ਦਾ ਹੀ ਇਤਿਹਾਸ ਪਿੰਡ ਘੱਲ ਕਲਾਂ ਦੇ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਦਾ ਹੈ। ਜਿੱਥੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ।
ਪਿੰਡ ਘੱਲ ਕਲਾਂ(ਮੋਗਾ) ਦੇ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਦਾ ਇਤਿਹਾਸ ਇਸ ਤਰ੍ਹਾ ਹੈ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਪਿੰਡ ਭਾਈ ਕੀ ਡਰੋਲੀ ਆਏ ਤੇ ਉਥੇ ਠਹਿਰ ਕੇ ਖੂਹ ਲਗਵਾਉਣ ਦੀ ਸੇਵਾ ਕਰਵਾਉਣ ਲੱਗੇ ਤਾਂ ਸਾਉਣ ਦੇ ਮਹੀਨੇ ਸ਼ਿਕਾਰ ਖੇਡਦੇ-ਖੇਡਦੇ ਪਿੰਡ ਘੱਲ ਕਲਾਂ ਦੇ ਪੱਛਮ ਵੱਲ ਨੂੰ ੧੦੦(100) ਕਦਮ ਦੀ ਵਿੱਥ ਤੇ ਇਕ ਛੱਪੜ ਦੇ ਕਿਨਾਰੇ ਪਿੱਪਲ ਦੇ ਦਰਖਤ ਹੇਠ ਆਰਾਮ ਕਰਨ ਲੱਗੇ। ਪਿੰਡ ਵਿੱਚ ਪਤਾ ਲੱਗਣ ਤੇ ਸੰਗਤਾਂ ਹੁੰਮ-ਹੁੰਮਾਂ ਕੇ ਗੁਰੁ ਜੀ ਦੇ ਦਰਸ਼ਨ ਕਰਨ ਪੁੱਜੀਆਂ ਤਾਂ ਬਾਬਾ ਝਿਲਮਿਲ ਰਾਏ ਜੈਟਕੇ ਖੱਤਰੀ ਨੇ ਬੜੇ ਪਿਆਰ ਨਾਲ ਸਤਿਗੁਰਾਂ ਦੀ ਸੇਵਾ ਕੀਤੀ। ਸੱਚੇ ਪਾਤਸ਼ਾਹ ਨੇ ਖੁਸ਼ ਹੋ ਕੇ ਆਪਣੇ ਪੈਰਾਂ ਦੀ ਅਤੇ ਇਕ ਚੋਲਾ ਬਾਬਾ ਝਿਲਮਿਲ ਰਾਏ ਨੂੰ ਬਖਸ਼ ਦਿੱਤਾ ਤੇ ਆਖਿਆ ਕਿ ਜਿਨ੍ਹਾ ਚਿਰ ਇਹਨਾ ਵਸਤਾਂ ਨੂੰ ਆਦਰ ਤੇ ਪ੍ਰੇਮ ਨਾਲ ਰੱਖੋਗੇ। ਅਸੀ ਆਪ ਅੰਗ ਸੰਗ ਰਹਾਂਗੇ।
ਇਹ ਬਚਨ ਕਰਕੇ ਸੱਚੇ ਪਾਤਸ਼ਾਹ ਫੇਰ ਕੇਸਾਂ ਨੂੰ ਕੰਘਾ ਕਰਨ ਲੱਗ ਪਏ। ਇਹਨੇ ਸਮੇਂ ਵਿੱਚ ਬਾਬਾ ਖੁਸ਼ਹਾਲੀ ਨੰਬਰਦਾਰ ਵੀ ਆ ਗਿਆ ਅਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਸੱਚੇ ਪਾਤਸ਼ਾਹ ਆਪ ਫੇਰ ਕਦੋਂ ਦਰਸ਼ਨ ਦੇਵੋਗੇ ਤਾਂ ਸਤਿਗੁਰਾਂ ਨੇ ਕੰਘੇ ਵਿੱਚੋਂ ਵਾਲ ਇਕੱਠੇ ਕਰਕੇ ਜੂੜੀ ਬਣਾ ਕੇ ਬਾਬਾ ਖੁਸ਼ਹਾਲੀ ਨੂੰ ਫੜਾ ਦਿੱਤੀ ਤੇ ਕਿਹਾ ਜਦੋਂ ਇਹਨਾਂ ਵਾਲਾਂ ਨੂੰ ਧੂਫ ਦੇ ਕੇ ਸਾਨੂੰ ਯਾਦ ਕਰੋਗੇ ਤਾਂ ਆਪ ਨੂੰ ਪ੍ਰਤੱਖ ਦਰਸ਼ਨ ਦਿਆਂਗੇ। ਪਰ ਅਫਸੋਸ ਅੱਜ ਬਾਬਾ ਖੁਸ਼ਹਾਲੀ ਦੇ ਵਾਰਸਾਂ ਕੋਲ ਇਹ ਵਾਲਾ ਦੀ ਜੂੜੀ ਮੌਜੂਦ ਨਹੀ ਹੈ। ਇਹ ਬਚਨ ਕਰਕੇ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਡਰੋਲੀ ਭਾਈ ਨੂੰ ਵਾਪਸ ਚਲੇ ਗਏ।
ਉਸ ਤੋ ਬਾਅਦ ਸੰਮਤ ੧੭੧੦(1710) ਬਿਕਰਮੀ ਵਿੱਚ ਜਦੋਂ ਸ਼੍ਰੀ ਹਰਿ ਰਾਏ ਸਾਹਿਬ ਜੀ ਡਰੋਲੀ ਭਾਈ ਪੁੱਜੇ ਤਾਂ ਵੱਡੇ ਘੱਲਾਂ ਦੀ ਸੰਗਤ ਦੇ ਬੇਨਤੀ ਕਰਨ ਤੇ ਸੱਚੇ ਪਾਤਸ਼ਾਹ ਨੇ ਘੱਲ ਕਲਾਂ(ਵੱਡੇ ਘੱਲਾਂ) ਪੁੱਜ ਕੇ ਸੰਗਤ ਨੂੰ ਨਿਹਾਲ ਕੀਤਾ। ਸ਼੍ਰ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਹਰਿ ਰਾਏ ਸਾਹਿਬ ਜੀ ਨੇ ਜਿਸ ਜਗ੍ਹਾ ਤੇ ਪਵਿੱਤਰ ਚਰਨ ਪਾ ਕੇ ਸੰਗਤਾਂ ਨੂੰ ਨਿਵਾਜਿਆ ਇਸ ਜਗ੍ਹਾ ਤੇ ਹੁਣ ਗੁਰਦੁਆਰਾ ਗੁਰੂਸਰ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈ।
ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਥਾਨਕ ਗੁਰਦੁਆਰਾ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ। ਪਿੰਡ ਦੇ ਵਿਕਾਸ ਕਾਰਜਾਂ ਵਿੱਚ ਇਸ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਹੈ। ਇੱਥੇ ਸੰਗਰਾਂਦ ਅਤੇ ਮੱਸਿਆ ਦਾ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਹਰ ਸਾਲ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦਾ ਹੈ ਜਿਸ ਵਿਚ ਸੰਗਤਾਂ ਵੱਲੋ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਜਾਂਦੀ ਹੈ।ਇਸ ਗੁਰਦੁਆਰਾ ਵਿਚ ਭਾਈ ਗੁਰਦਾਸ ਜੀ ਦੇ ਨਾਂ ਤੇ ਭਾਈ ਲਾਇਬ੍ਰੇਰੀ ਵੀ ਹੈ ਜਿੱਥੇ ਹਰ ਤਰ੍ਹਾ ਦੀਆਂ ਧਾਰਮਿਕ ਪੁਸਤਕਾਂ ਸੰਗਤਾਂ ਦੇ ਹਿਰਦੇ ਧਾਰਮਿਕ ਚਾਨਣ ਭਰਦੀਆਂ ਹਨ। ਇਸ ਗੁਰਦੁਆਰੇ ਵਿੱਚ ਬਾਬਾ ਦੀਪ ਸਿੰਘ ਯੂਥ ਐਂਡ ਵੈਲਫੇਅਰ ਕਲੱਬ ਵੀ ਬਣਿਆ ਹੋਇਆ ਹੈ। ਜਿਸ ਦੇ ਪ੍ਰਧਾਨ ਜਗਸੀਰ ਸਿੰਘ ਮੀਤ ਪ੍ਰਧਾਨ ਨਿਰਮਲ ਸਿੰਘ ਸੈਕਟਰੀ ਜਬਰਜੰਗ ਸਿੰਘ ਤੇ ਖਜਾਨਚੀ ਰਾਜਪਾਲ ਸਿੰਘ ਹਨ ਇਸ ਕਲੱਬ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਂਦਾ ਹੈ ਅਤੇ ਪਿੰਡ ਵਿੱਚ ਸਮਾਜ ਸੇਵਾ ਦੇ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ ਕਲੱਬ ਵੱਲੋਂ ਹਰ ਸਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਤੇ ੨੬(26) ਜਨਵਰੀ ਨੂੰ ਹਰ ਸਾਲ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਹਨ। ਇੱਥੇ ਸਵੇਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਗ੍ਰੰਥੀ ਭਾਈ ਜਸਵੀਰ ਸਿੰਘ ਕੀਤੀ ਜਾਂਦੀ ਹੈ ਜਿਸ ਨੂੰ ਸੁਣ ਕੇ ਸੰਗਤਾਂ ਆਤਮਿਕ ਆਨੰਦ ਪ੍ਰਾਪਤ ਕਰਦੀਆਂ ਹਨ।
ਇਸ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਸ੍ਰ: ਜੀਤ ਸਿੰਘ ਅਗਵਾੜ (ਕੁਸ਼ਾਲੀ ਕਾ) ਮੀਤ ਪ੍ਰਧਾਨ ਬਲਦੇਵ ਸਿੰਘ, ਸੈਕਟਰੀ ਅਵਤਾਰ ਸਿੰਘ ਅਤੇ ਖਜਾਨਚੀ ਬਲੌਰ ਸਿੰਘ ਜੀ ਹਨ ਜੋ ਕਿ ਵਧੀਆ ਤਰੀਕੇ ਨਾਲ ਆਪਣੀ ਸੇਵਾ ਤਨਦੇਹੀ ਨਾਲ ਨਿਭਾਅ ਰਹੇ ਹਨ
No comments:
Post a Comment